ਚੋਣ ਕਮਿਸ਼ਨ ਵੱਲੋਂ ਚਾਰ ਰਾਜਾਂ ਦੀਆਂ ਪੰਜ ਖਾਲੀ ਵਿਧਾਨ ਸਭਾ ਸੀਟਾਂ ‘ਤੇ ਉਪ-ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਉਪ ਚੋਣਾਂ 19 ਜੂਨ ਨੂੰ ਹੋਣਗੀਆਂ ਤੇ ਨਤੀਜੇ 23 ਜੂਨ ਨੂੰ ਆਉਣਗੇ। ਗੁਜਰਾਤ, ਕੇਰਲ, ਪੰਜਾਬ ਅਤੇ ਪੱਛਮੀ ਬੰਗਾਲ ਦੀਆਂ ਸੀਟਾਂ ‘ਤੇ ਉਮੀਦਵਾਰ ਚੁਣੇ ਜਾਣਗੇ। ਇਹ ਸੀਟਾਂ ਵਿਧਾਇਕਾਂ ਦੇ ਅਸਤੀਫਿਆਂ ਜਾਂ ਮੌਤ ਕਾਰਨ ਖਾਲੀ ਹੋਈਆਂ ਹਨ।
ਉਪ-ਚੋਣਾਂ ਵਾਲੀਆਂ ਸੀਟਾਂ ਵਿੱਚ ਪੰਜਾਬ ਦੀ ਲੁਧਿਆਣਾ ਪੱਛਮੀ, ਗੁਜਰਾਤ ਦੀ ਕਾਡੀ ਅਤੇ ਵਿਸਾਵਦਰ, ਕੇਰਲ ਦੀ ਨੀਲਾਂਬੁਰ ਅਤੇ ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਸ਼ਾਮਲ ਹਨ।
ਚੋਣ ਕਮਿਸ਼ਨ ਮੁਤਾਬਕ 26 ਮਈ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ, 2 ਜੂਨ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ, 3 ਜੂਨ ਨੂੰ ਉਨ੍ਹਾਂ ਦੀ ਜਾਂਚ ਹੋਏਗੀ ਤੇ 5 ਜੂਨ ਤੱਕ ਉਮੀਦਵਾਰ ਆਪਣਾ ਨਾਮ ਵਾਪਸ ਲੈ ਸਕਣਗੇ। ਚੋਣ ਦੀ ਸਾਰੀ ਪ੍ਰਕਿਰਿਆ 25 ਜੂਨ ਤੋਂ ਪਹਿਲਾਂ ਮੁਕੰਮਲ ਕਰਨੀ ਹੋਏਗੀ।
ਲੁਧਿਆਣਾ ਪੱਛਮੀ ‘ਚ ਇਹ ਉਪ ਚੋਣ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਕਾਰਨ ਹੋ ਰਹੀ ਹੈ। ਹੋਰ ਸੀਟਾਂ ‘ਤੇ ਵੀ ਮੌਤ ਜਾਂ ਅਸਤੀਫੇ ਕਾਰਨ ਚੋਣਾਂ ਹੋ ਰਹੀਆਂ ਹਨ – ਜਿਵੇਂ ਕਿ ਗੁਜਰਾਤ ਦੇ ਕਾਡੀ ਤੋਂ ਕਰਸਨਭਾਈ ਸੋਲੰਕੀ ਦੀ ਮੌਤ, ਵਿਸਾਵਦਰ ਤੋਂ ‘ਆਪ’ ਵਿਧਾਇਕ ਭੂਪੇਂਦਰਭਾਈ ਭਯਾਨੀ ਦੇ ਅਸਤੀਫੇ, ਕੇਰਲ ਦੇ ਨੀਲਾਂਬੁਰ ਤੋਂ ਪੀਵੀ ਅਨਵਰ ਦੇ ਅਸਤੀਫੇ ਅਤੇ ਪੱਛਮੀ ਬੰਗਾਲ ਦੇ ਕਾਲੀਗੰਜ ਤੋਂ ਨਸੀਰੁਦੀਨ ਅਹਿਮਦ ਦੇ ਦੇਹਾਂਤ ਕਾਰਨ।
ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਸੰਜੀਵ ਅਰੋੜਾ, ਕਾਂਗਰਸ ਵਲੋਂ ਭਾਰਤ ਭੂਸ਼ਣ ਆਸ਼ੂ ਅਤੇ ਅਕਾਲੀ ਦਲ ਵਲੋਂ ਪਰਉਪਕਾਰ ਸਿੰਘ ਘੁੰਮਣ ਚੋਣ ਮੈਦਾਨ ‘ਚ ਹਨ। ਭਾਜਪਾ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ।