ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਗਰੀਬਾਂ ਲਈ ਚਲਾਈ ਜਾ ਰਹੀ ‘ਭਾਰਤ ਚੌਲ ਯੋਜਨਾ’ ਵਿੱਚ ਮਨੀ ਲਾਂਡਰਿੰਗ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਦੇ ਕਈ ਥਾਵਾਂ ‘ਤੇ ਛਾਪੇ ਮਾਰੇ ਹਨ। ਇਹ ਕਾਰਵਾਈ 23 ਮਈ ਨੂੰ ਜਲੰਧਰ ਜ਼ੋਨਲ ਦਫ਼ਤਰ ਵਲੋਂ ਕੀਤੀ ਗਈ। ਇਸ ਦੌਰਾਨ 2.02 ਕਰੋੜ ਰੁਪਏ ਨਕਦ, 1.12 ਕਰੋੜ ਰੁਪਏ ਦਾ ਸੋਨਾ, ਇਲੈਕਟ੍ਰਾਨਿਕ ਡਿਵਾਈਸ, ਕਾਗਜ਼ਾਤ ਅਤੇ ਹੋਰ ਸਬੂਤ ਬਰਾਮਦ ਕੀਤੇ ਗਏ।
ਕੇਂਦਰ ਸਰਕਾਰ ਵਲੋਂ ਭਾਰਤ ਬ੍ਰਾਂਡ ਦੇ ਅਧੀਨ ਚਲ ਰਹੀ ਇਸ ਸਕੀਮ ਰਾਹੀਂ ਗਰੀਬਾਂ ਨੂੰ ਚੌਲ, ਆਟਾ ਅਤੇ ਹੋਰ ਜ਼ਰੂਰੀ ਚੀਜ਼ਾਂ ਸਸਤੇ ਦਾਮਾਂ ‘ਤੇ ਦਿੱਤੀਆਂ ਜਾਂਦੀਆਂ ਹਨ, ਜਿਸ ਲਈ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ।
ED ਨੇ ਇਹ ਜਾਂਚ ਪੰਜਾਬ ਪੁਲਿਸ ਵਲੋਂ ਦਰਜ ਕੀਤੀ ਗਈ FIR ਦੇ ਆਧਾਰ ‘ਤੇ ਸ਼ੁਰੂ ਕੀਤੀ ਹੈ, ਜੋ ਕਿ ਸ਼ਿਵ ਸ਼ਕਤੀ ਚੌਲ ਮਿੱਲ ਦੇ ਮਾਲਕ ਗੋਪਾਲ ਗੋਇਲ, ਜੈ ਜਤਿੰਦਰ ਚੌਲ ਮਿੱਲ, ਹਰਸ਼ ਕੁਮਾਰ ਬਾਂਸਲ ਅਤੇ ਹੋਰਾਂ ਵਿਰੁੱਧ ਸੀ।
ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਵਿਅਕਤੀਆਂ ਅਤੇ ਕੰਪਨੀਆਂ ਨੇ ਸਕੀਮ ਤਹਿਤ ਸਸਤੇ ਚੌਲ ਸਰਕਾਰੀ ਏਜੰਸੀਆਂ ਤੋਂ ਖਰੀਦੇ, ਪਰ ਇਹ ਚੌਲ ਗਰੀਬਾਂ ਤੱਕ ਪਹੁੰਚਾਉਣ ਦੀ ਬਜਾਏ ਹੋਰ ਮਿੱਲਾਂ ਨੂੰ ਮਹਿੰਗੇ ਰੇਟਾਂ ‘ਤੇ ਜਾਂ ਵਪਾਰਕ ਮਕਸਦ ਲਈ ਵੇਚੇ ਗਏ। ਉਹ ਚੌਲ ਨੂੰ 5 ਜਾਂ 10 ਕਿਲੋ ਦੇ ਪੈਕ ਵਿਚ ਤਿਆਰ ਕਰਦੇ ਸਨ ਪਰ ਇਸਦਾ ਦੁਰੁਪਯੋਗ ਕੀਤਾ ਗਿਆ।
ED ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗੰਭੀਰ ਖੁਲਾਸੇ ਹੋ ਸਕਦੇ ਹਨ।