ਯਮੁਨਾਨਗਰ (ਹਰਿਆਣਾ) ਦੀ ਇੱਕ ਔਰਤ, ਜੋ ਹਾਲ ਹੀ ਵਿੱਚ ਮੋਹਾਲੀ ਵਿਖੇ ਹੋਏ ਰਾਧਾ ਸਵਾਮੀ ਸਤਸੰਗ ਵਿੱਚ ਸ਼ਾਮਲ ਹੋਈ ਸੀ, ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮੋਹਾਲੀ ਦੇ ਇੱਕ ਹਸਪਤਾਲ ‘ਚ ਦਾਖਲ ਹੋਣ ਤੋਂ ਬਾਅਦ ਉਸਦੇ ਸੈਂਪਲ ਲਏ ਗਏ, ਜਿੱਥੋਂ ਕੋਰੋਨਾ ਦੀ ਪੁਸ਼ਟੀ ਹੋਈ। ਇਸ ਮਾਮਲੇ ਤੋਂ ਬਾਅਦ, ਯਮੁਨਾਨਗਰ ਸਿਹਤ ਵਿਭਾਗ ਨੇ ਐਕਸ਼ਨ ਲੈ ਲਿਆ ਹੈ ਅਤੇ ਔਰਤ ਨਾਲ ਸੰਪਰਕ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਦੀ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਸਿਵਲ ਸਰਜਨ ਡਾ. ਪੂਨਮ ਚੌਧਰੀ ਨੇ ਦੱਸਿਆ ਕਿ ਔਰਤ ਪਹਿਲਾਂ ਹੀ ਸਾਹ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਸਤਸੰਗ ਤੋਂ ਵਾਪਸੀ ਉਪਰੰਤ ਸਿਹਤ ਵਿਗੜਣ ਕਾਰਨ ਹਸਪਤਾਲ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ 15 ਦਿਨਾਂ ਲਈ ਆਈਸੋਲੇਟ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹੋ, ਮਾਸਕ ਪਹਿਨੋ, ਵਾਰ-ਵਾਰ ਹੱਥ ਧੋਵੋ ਅਤੇ ਜੇਕਰ ਕਿਸੇ ਨੂੰ ਜ਼ੁਕਾਮ, ਖੰਘ ਜਾਂ ਬੁਖਾਰ ਹੋਵੇ ਤਾਂ ਤੁਰੰਤ ਆਪਣਾ ਟੈਸਟ ਕਰਵਾਓ। ਕੋਰੋਨਾ ਤੋਂ ਡਰਣ ਦੀ ਲੋੜ ਨਹੀਂ, ਪਰ ਸਾਵਧਾਨੀ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ।